31.1.14

ਕਿਸੇ ਮੰਜਿਲ ਨੂੰ ਸਰ ਕਰਨਾ .../ ਗ਼ਜ਼ਲ.../ ਸੁਸ਼ੀਲ ਦੋਸਾਂਝ

ਕਿਸੇ ਮੰਜਿਲ ਨੂੰ ਸਰ ਕਰਨਾ .../ ਗ਼ਜ਼ਲ.../ ਸੁਸ਼ੀਲ ਦੋਸਾਂਝ 

ਮਧੋਲ਼ੇ ਜਾਣ ਨਾ ਇਹ ਫੁੱਲ, ਨਾ ਰੋਂਦੀ ਕੁਈ ਲਗਰ ਹੋਵੇ
ਦੁਆ ਕਰੀਏ ਨਾ ਭੁੱਖਾ ਨਗਰ ਵਿਚ ਇਕ ਵੀ ਬਸ਼ਰ ਹੋਵੇ

ਅਸਾਂ ਨੂੰ ਪਤਝੜਾਂ ਉੱਤੇ ਕਦੇ ਅਫਸੋਸ ਨਾ ਹੋਵੇ
ਅਗਰ ਮੌਸਮ ਦੀ ਨੀਅਤ ਤੋਂ ਨਾ ਮਾਲੀ ਬੇਖ਼ਬਰ ਹੋਵੇ

ਪਰ੍ਹੇ ਤਕ ਸੜ ਰਿਹਾ ਜੰਗਲ,ਉਫ਼ਕ ਤਕ ਬਲ਼ ਰਹੇ ਰਸਤੇ
ਮੈਂ ਫਿਰ ਵੀ ਸੋਚਦਾ ਹਾਂ ਛਾਂ ਲਈ ਇਕ ਤਾਂ ਸ਼ਜਰ ਹੋਵੇ

ਮਖੌਟੇ ਚਕਰਵਰਤੀ ਨੇ, ਹਕੂਮਤ ਹੈ ਖੜਾਵਾਂ ਦੀ
ਤੁਸੀਂ ਦੱਸੋ ਕੀ ਅੱਗੇ ਫਲਸਫੇ ਦਾ ਕੀ ਹਸ਼ਰ ਹੋਵੇ

ਵਤਨ ਤੂੰ ਮੈਨੂੰ ਇਕ ਘਰ ਦੇ, ਮੈਂ ਤੈਨੂੰ ਦੇ ਦੀਆਂ ਅੰਬਰ
ਮੇਰੇ ਸਿਰਨਾਵੇਂ ਵਿਚ ਵੀ ਰੀਝ ਹੈ ਕੀ ਇਕ ਨਗਰ ਹੋਵੇ

ਕਦੇ ਵੀ ਮਾਲਾ ਦੀ ਤਲਵਾਰ ਬਣਨਾ ਸਹਿਜ ਨਹੀਂ ਹੁੰਦਾ
ਦਵਾ ਦੀ ਲੋੜ ਹੁੰਦੀ ਹੈ, ਦੁਆ ਜੇ ਬੇਅਸਰ ਹੋਵੇ

ਕਿਸੇ ਮੰਜਿਲ ਨੂੰ ਸਰ ਕਰਨਾ ਕਦੇ ਮੁਸ਼ਕਿਲ ਨਹੀਂ ਹੁੰਦਾ
ਹੈ ਲਾਜ਼ਿਮ ਸ਼ਰਤ ਕੀ ਪੈਰੀਂ ਸੁਲਘਦਾ ਇਕ ਸਫਰ ਹੋਵੇ...


Thanks for Reading this. Like us on Facebook https://www.facebook.com/shivbatalvi and Subscribe to stay in touch.