31.1.14

ਮੈਂ ਚਾਹੁੰਦਾ ਹਾਂ.../ ਗ਼ਜ਼ਲ.../ ਸੁਰਿੰਦਰ ਸੋਹਲ

ਮੈਂ ਚਾਹੁੰਦਾ ਹਾਂ.../ ਗ਼ਜ਼ਲ.../ ਸੁਰਿੰਦਰ ਸੋਹਲ 

ਮੈਂ ਚਾਹੁੰਦਾ ਹਾਂ ਮੇਰੀ ਹਸਤੀ ਇਵੇਂ ਕਵਿਤਾ 'ਚ ਢਲ਼ ਜਾਵੇ
ਹਵਾ ਵੰਝਲੀ 'ਚੋਂ ਲੰਘ ਕੇ ਜਿਸ ਤਰਾਂ ਸੁਰ ਵਿਚ ਬਦਲ ਜਾਵੇ

ਨਿਸ਼ਾਨੇ ਦੇ ਨਸ਼ੇ ਵਿਚ ਦੇਖਣਾ ਨਾ ਹੋਸ਼ ਭੁੱਲ ਜਾਵੀਂ
ਤੇਰੇ ਹਥਲੀ ਰਫਲ ਕਿਧਰੇ ਤੇਰੇ ਘਰ ਵੱਲ ਨਾ ਚੱਲ ਜਾਵੇ

ਮੈਂ ਜਦ ਥਲ 'ਚੋਂ ਗੁਜ਼ਰਦਾ ਹਾਂ, ਤਾਂ ਸੋਚਾਂ ਵਿਚ ਵਗੇ ਦਰਿਆ
ਜਦੋਂ ਕਿਸ਼ਤੀ 'ਚ ਬਹਿ ਜਾਵਾਂ ਖਿਆਲਾਂ 'ਚੋਂ ਨਾ ਥਲ ਜਾਵੇ

ਜਗਾਵਣ ਲੱਗਿਆਂ ਦੀਵਾ, ਨਾ ਬੱਚੇ ਕਰਨ ਜ੍ਹਾ ਜਾਂਦੀ
ਕਹੇ ਪਤਨੀ, ਘਰੇ ਪੁੱਜੀਏ, ਕਿਤੇ ਸੂਰਜ ਨਾ ਢਾਲ ਜਾਵੇ

ਜੋ ਬਿਲਕੁਲ ਰੇਤ ਦਿਸਦੀ ਹੈ, ਭੰਵਰ ਨਿਕਲੇ ਨਾ ਆਖ਼ਿਰ ਨੂੰ
ਮਿਰਗ ਤ੍ਰਿਸ਼ਨਾ ਦੇ ਵਾਂਗੂੰ ਹੁਣ ਕਿਤੇ ਦਰਿਆ ਨਾ ਛਲ ਜਾਵੇ

ਬਰੂਦੀ ਸੁਰੰਗ 'ਚੋਂ ਬਚ ਕੇ ਪਰਿੰਦਾ ਉੱਡ ਤਾਂ ਚੱਲਿਆ ਹੈ
ਇਹ ਚਿੰਤਾ ਹੈ ਕਿਤੇ ਉਸਨੂੰ ਨਾ ਹੁਣ ਅੰਬਰ ਨਿਗਲ਼ ਜਾਵੇ..


Thanks for Reading this. Like us on Facebook https://www.facebook.com/shivbatalvi and Subscribe to stay in touch.